02
Jun

ਸ਼ਬਦਾਂ ਸੰਗ ਸੰਵਾਦ

ਪਤਨੀ ਨੇ ਜ਼ੋਰ ਦੀ ਆਵਾਜ਼ ਲਗਾਈ

ਇਹ ਕੀ?…….

ਜਨਾਬ ਬਾਲਕੋਨੀ ਵਿਚ ਕੁਆਰਨਟਾਈਨ ਹੋਏ ਖੜੇ ਨੇ।

ਤੇ ਏਧਰ ਮੈਂ…

ਘਰ ਦੇ ਕੋਨੇ ਕੋਨੇ ਦੀ ਸਕਰੀਨਿੰਗ ਕਰਦੀ ਪਈ ਹਾਂ।

ਪਹਿਲੇ ਡਰਾਇੰਗ ਰੂਮ ਸਕਰੀਨ ਕੀਤਾ

ਟੈਸਟ ਨੈਗੇਟਿਵ..

ਡਾਇਨਿੰਗ ਰੂਮ ਵੀ ਨੈਗੇਟਿਵ

ਬੈਡ ਰੂਮ, ਕਿਚਨ, ਬਾਥਰੂਮ, ਵਾਸ਼ਿੰਗ ਏਰੀਆ

ਏਥੋਂ ਤੱਕ ਕਿ

ਗਰਾਜ ਵੀ ਨੈਗੇਟਿਵ।

ਘਰ ਵਿਚ ਐਨਾ ਕੰਮ ਪੈਂਡਿੰਗ ਪਿਆ ਏ

ਤੇ ਤੁਸੀਂ ਸ਼ੁੱਧ ਹਵਾ ਵਿਚ

ਇਮਿਊਨਿਟੀ ਵਧਾਉਂਦੇ ਪਏ ਹੋ।

ਜਾਂ

ਗੁਆਂਢ ਦੀਆਂ ਗੈਲਰੀਆਂ ਚੋਂ

ਸੰਕਰਮਤ ਹੋਣ ਦੀ ਕੋਸ਼ਿਸ਼ ਵਿਚ ਹੋ।

ਭੁੱਲ ਗਏ

ਮੈਂ ਤੁਹਾਨੂੰ ਪਹਿਲੇ ਵੀ…..

ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਦੀ

ਚੇਤਾਵਨੀ ਦੇ ਚੁੱਕੀ ਹਾਂ।

ਤੁਸੀਂ ਹੋ ਕਿ

ਇਸ ਸੌਂਦਰਯ ਯੁਕਤ ਵਾਇਰਸ  ਤੋਂ

ਮੁਕਤ ਨਹੀਂ ਹੋਣਾ ਲੋੜਦੇ।

ਫੇਰ ਨਾ ਕਹਿਣਾ

ਜੇ ਮੇਰਾ ਸ਼ੱਕ ਕੰਨਫ਼ਰਮਡ ਕੇਸ ਨਿਕਲਿਆ

ਤਾਂ…. ਜ਼ਿੰਦਗੀ ਭਰ ਲਈ ਤੁਹਾਨੂੰ

ਲਾਕ ਡਾਊਨ ਵਿਚ ਧੱਕ ਦਿਆਂਗੀ।

ਅੱਛਾ ਚਲੋ….

ਹੁਣ ਕੋਈ ਕੰਮ ਦੀ ਗੱਲ।

ਬਰਤਨਾਂ, ਕੱਪੜਿਆਂ ਨੂੰ

ਮੈਂ ਸੈਨੇਟਾਈਜ਼ ਕਰ ਦਿੱਤਾ ਹੈ।

ਆਟਾ ਗੁੰਨ੍ਹਣ ਤੋਂ ਸਬਜ਼ੀ ਕੱਟਣ ਤੱਕ

ਦੇ ਕਈ ਪ੍ਰਕਰਣ ਹਾਲੇ ਬਾਕੀ ਨੇ।

ਇਸ ਤੋਂ ਪਹਿਲਾਂ ਕਿ

ਸਾਰੇ ਕੰਮ ਪੈਂਡਿੰਗ ਹੋ ਕੇ

ਪੈਂਡੇਮਿਕ ਦਾ ਰੂਪ ਧਾਰਨ ਕਰ ਲੈਣ…

ਇਹਤਿਆਤ ਵਰਤਦੇ ਹੋਏ

ਆਪਣੀਆਂ ਇਛਾਵਾਂ ਨੂੰ ਮਾਸਕ ਬੰਨ ਕੇ

ਬਾਲਕੋਨੀ ਚੋਂ ਅੰਦਰ ਆ ਜਾਓ।

ਜ਼ਰਾ ਘਰ ਵਿਚ ਪਈ ਗੰਦਗੀ ਵੀ ਤੱਕ ਲਓ..

ਕੇਵਲ ਡਰਾਇੰਗ ਰੂਮ ਹੀ

ਗ੍ਰੀਨ ਜ਼ੋਨ ਵਿਚ ਰਹਿ ਗਿਆ ਹੈ।

ਬੈਡ ਰੂਮ ਔਰੇਂਜ

ਅਤੇ ਡਾਇਨਿੰਗ ਰੈਡ ਜ਼ੋਨ ਵਿਚ ਪੁਜ ਗਏ ਨੇ।

ਬਾਥ ਰੂਮ ਤਾਂ ਗੰਦ ਦਾ

ਹੌਟ ਸਪੋਟ ਬਣ ਚੁੱਕਾ ਹੈ।

ਕਿਚਨ ਦੀ  ਕੰਧ

ਕੱਲ ਤੁਸੀਂ ਸੀਲ ਕੀਤੀ ਸੀ ਜਿਹੜੀ..

ਕੌਕਰੇਚਾਂ ਦੀ ਮੌਤ ਦਰ

ਵਧਣ ਦਾ ਨਾਮ ਕਿਉਂ ਨਹੀ ਲੈ ਰਹੀ।

ਬੰਦਾ ਕੋਈ ਕੰਮ ਤਾਂ ਚੱਜ ਨਾਲ ਕਰੇ।

ਅਰੇ ਹਾਂ

ਸੰਦਿਗਧ ਹੋ ਕੇ ਵੀ ਤੁਸੀਂ

ਆਪਣੀ ਹਿਸਟਰੀ ਕਿਉਂ ਛੁਪਾ ਰਹੇ ਹੋ।

ਕਿਚਨ ਨੂੰ ਦੁਪਹਿਰ ਦੇ ਵੇਲੇ ਮੈਂ

ਕੰਨਟੈਂਟਮੈਂਟ ਏਰੀਆ ਘੋਸ਼ਿਤ ਕਰ ਦਿੱਤਾ ਹੈ।

ਮੈਂ ਸੱਭ ਜਾਣਦੀ ਹਾਂ…

ਦੁਪਹਿਰੇ ਮੇਰੇ ਸੌਣ ਮਗਰੋਂ

ਵਿਟਾਮਿਨ ਸੀ ਦੇ ਬਹਾਨੇ ਨਿੰਬੂ ਦੀ ਥਾਂ

ਅੰਡਿਆਂ ਦੀ ਭੁਰਜੀ ਨਾਲ

ਬੀਅਰ ਦੇ ਗੁਲਸ਼ਰੇ ਉਡਦੇ ਹਨ।

ਇਸੇ ਲਈ ਸ਼ਾਮ ਹੋਣ ਤੋਂ ਪਹਿਲਾਂ

ਕਿਚਨ ਵਿਚ ਤੁਹਾਡੀ ਐਂਟਰੀ ਪ੍ਰਤੀਬੰਧਿਤ ਹੈ।

ਵੈਸੇ ਤਾਂ ਮੈਂ  ਕਦੇ…..

ਕੁਝ ਨਹੀਂ ਕਿਹਾ ਤੁਹਾਨੂੰ।

ਪਰ ਜੇ ਕਿਤੇ ਰੁੱਸ ਕੇ

ਸੈਲਫ਼ ਆਈਸੋਲੇਸ਼ਨ ਵਿਚ ਚਲੀ ਗਈ

ਤਾਂ ਮੈਨੂੰ ਮਨਾਉਣ ਦਾ

ਕੋਈ ਵੈਕਸੀਨ ਨਹੀਂ ਬਣਿਆਂ ਹਾਲੇ।

ਲੰਬੇ ਅਰਸੇ ਤੋਂ…

ਚੁੱਪ ਚਾਪ ਸੁਣਦਾ ਪਤੀ ਦੇਵ..

ਬੱਸ ਏਨਾ ਕੁ ਬੋਲਣ ਮਗਰੋਂ

ਸਿਰ ਸੁੱਟ ਕੰਮ ਵਿਚ ਰੁੱਝ ਜਾਂਦਾ ਹੈ।

ਮੈਨੂੰ ਪਤਾ ਹੈ ਪ੍ਰੀਐ

ਇਹ ਇਨਕਿਊਬੇਸ਼ਨ ਪੀਰੀਅਡ ਹੈ

ਤੇਰੇ ਗੁੱਸੇ ਦਾ।

ਇਸੇ ਲਈ ਮੈ

ਹੈੱਰਡ ਇਮਿਊਨਿਟੀ ਵਧਾਉਣ ਦੇ ਆਹਰ ਵਿਚ ਹਾਂ।