15
May

ਮੇਰੀ ਵੈਬਸਾਈਟ www.rawailsingh.com ਨਾਲ ਜੁੜਨ ਵਾਲੇ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਮੈਂ ਦਿਲੋਂ ਜੀ ਆਇਆਂ ਆਖਦਾ ਹਾਂ।


ਇਹ ਇਕ ਅਜਿਹਾ ਪਲੇਟਫਾਰਮ ਉਸਾਰਨ ਦਾ ਯਤਨ ਹੈ ਜਿਸ ਰਾਹੀਂ ਸਮੂਹ ਪੰਜਾਬੀ ਪਿਆਰੇ ਮਿਲ ਕੇ ਪੰਜਾਬੀ ਜਗਤ ਨੂੰ ਦਰਪੇਸ਼ ਸਮੱਸਿਆਵਾਂ ਦਾ ਮਿਲ ਕੇ ਹੱਲ ਲੱਭ ਸਕਣ ਜਾਂ ਸਮੂਹਿਕ ਤੌਰ ‘ਤੇ ਆਵਾਜ਼ ਬੁਲੰਦ ਕਰ ਸਕਣ। ਇਸ ਵਾਸਤੇ ਅਸੀਂ ਇਸਨੂੰ ਗਤੀਸ਼ੀਲ ਰੱਖਣ ਦਾ ਯਤਨ ਕਰਾਂਗੇ। ਸਾਡਾ ਇਹ ਯਤਨ ਤਾਂ ਹੀ ਸਫ਼ਲ ਹੋਵੇਗਾ ਜੇਕਰ ਵਧ ਤੋਂ ਵਧ ਦੋਸਤ ਇਸ ਨਾਲ ਜੁੜਨਗੇ। ਯਕੀਨ ਜਾਣਿਉਂ ਇਸ ਵਿਚ ਮੇਰਾ ਕੋਈ ਵੀ ਨਿੱਜੀ ਸਵਾਰਥ ਨਹੀਂ ਹੈ। ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਰਹੇ ਇਹ ਸਵਾਰਥ ਜ਼ਰੂਰ ਹੈ। ਆਪਾਂ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਇਸ ਪਲੇਟਫਾਰਮ ਰਾਹੀਂ ਸਮਕਾਲੀਨ ਸਾਹਿਤਕ, ਸਮਾਜਿਕ, ਆਰਥਿਕ ਜਾਂ ਕਲਾਵਾਂ ਨਾਲ ਸਬੰਧਿਤ ਮਸਲਿਆਂ ਬਾਰੇ ਕੋਈ ਸਿਰਜਨਾਤਮਕ ਬਹਿਸ ਪੈਦਾ ਕਰ ਸਕੀਏ। ਪਰ ਰਾਜਨੀਤੀ ਉਤੇ ਟਿਪਣੀ ਕਰਨ ਤੋਂ ਗੁਰੇਜ਼ ਕਰਨ ਦੇ ਉਪਰਾਲੇ ਹੋਣਗੇ। ਸੋ ਅੱਜ ਤੋਂ ਇਹ ਪਲੇਟਫਾਰਮ ਤੁਹਾਡਾ ਸਭ ਦਾ ਆਪਣਾ ਹੈ, ਸਾਂਝਾ ਹੈ। ਬੇਝਿਜਕ ਹੋ ਕੇ ਆਪਣੇ ਵਿਚਾਰ ਰੱਖੋ ਅਤੇ ਦੂਜਿਆਂ ਦੇ ਸੁਣੋ। ਸ਼ਾਇਦ ਅਸੀਂ ਸਾਰੇ ਮਿਲ ਕੇ ਕੋਈ ਯੋਗਦਾਨ ਪਾਉਣ ਦੇ ਯੋਗ ਹੋ ਸਕੀਏ।


ਪਿਆਰਿਓ ਅੱਜ ਪੂਰਾ ਵਿਸ਼ਵ ਇਕ ਭਿਆਨਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕੋਵਿਡ-19 ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆਂ ਉਤੇ ਹਕੂਮਤ ਕਰਨ ਵਾਲੇ ਸਰਮਾਏਦਾਰ ਮੁਲਕਾਂ ਨੇ ਗੋਡੇ ਹੀ ਨਹੀਂ ਟੇਕੇ ਸਗੋਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜਿਸ ਵਿਗਿਆਨ ਅਤੇ ਤਕਨਾਲੋਜੀ ਦੇ ਦਮਗਜ਼ੇ ਮਾਰ ਕੇ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਨਕਾਰਿਆ ਜਾਂਦਾ ਅਤੇ ਪੂਰਬਵਾਦੀ ਸੋਚ ਅਧੀਨ ਅੰਧ ਵਿਸ਼ਵਾਸੀ ਕਹਿ ਕੇ ਭੰਡਿਆ ਜਾਂਦਾ ਰਿਹਾ ਹੈ, ਉਨ੍ਹਾਂ ਦੇਸ਼ਾਂ ਦੀ ਕਾਰਗੁਜ਼ਾਰੀ ਇਸ ਬਿਪਤਾ ਦੇ ਸਮੇਂ ਅਖਾਉਤੀ ਉੱਨਤ ਦੇਸ਼ਾਂ ਤੋਂ ਬਿਹਤਰ ਹੈ। ਅਮਰੀਕਾ, ਬਰਤਾਨੀਆਂ, ਇਟਲੀ, ਸਪੇਨ, ਫਰਾਂਸ, ਜਰਮਨੀ ਅਤੇ ਰੂਸ ਆਦਿ ਦੇਸ਼ਾਂ ਨੇ ਦੁਨਿਆਵੀ ਜੰਗਾਂ ਲਈ ਤਬਾਹਕੁਨ ਹਥਿਆਰ ਤਿਆਰ ਕੀਤੇ ਸਨ ਜੋ ਧਰੇ ਧਰਾਏ ਰਹਿ ਗਏ । ਪ੍ਰਾਕਿਰਤੀ ਦੀ ਸ਼ਕਤੀ ਸਾਹਮਣੇ ਕਿਸੇ ਵਿਗਿਆਨ ਜਾਂ ਤਕਨਾਲੋਜੀ ਦੀ ਵਾਹ ਨਹੀਂ ਚਲ ਰਹੀ। ਪਛੜੇ ਦੇਸ਼ਾਂ ਦੇ ਲੋਕਾਂ ਕੋਲ ਸਹੂਲਤਾਂ ਦੀ ਘਾਟ ਸੀ ਇਸ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਹਾਲਾਤ ਦੇ ਅਨੁਕੂਲ ਢਾਲ ਕੇ ਜਿਊਣਾ ਸਿੱਖਿਆ ਹੋਇਆ ਸੀ। ਇਹ ਲੋਕ ਹੱਥੀਂ ਕਾਰ ਕਰਦੇ ਮਿੱਟੀ ਨਾਲ ਮਿੱਟੀ ਹੋਣਾ ਜਾਣਦੇ ਹਨ ਇਸ ਲਈ ਇਨ੍ਹਾਂ ਦੀ ਇਮਿਊਨਿਟੀ ਬਹੁਤ ਮਜ਼ਬੂਤ ਹੈ ਜਿਸ ਕਾਰਨ ਮਾੜੇ ਮੋਟੇ ਦੁੱਖਾਂ ਦੀ ਇਨ੍ਹਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ। ਇਨ੍ਹਾਂ ਨੂੰ ਇਮਿਊਨਿਟੀ ਵਧਾਉਣ ਲਈ ਕਸਰਤ ਕਰਨ, ਯੋਗ ਅਭਿਆਸ ਕਰਨ ਜਾਂ ਵਿਟਾਮਨ ਸੀ ਵਰਗੇ ਸਪਲੀਮੈਂਟ ਲੈਣ ਦੀ ਲੋੜ ਨਹੀਂ ਪਈ। ਇਸ ਲਈ ਇਨ੍ਹਾਂ ਥਾਵਾਂ ‘ਤੇ ਕਰੋਨਾ ਦਾ ਫੈਲਾਅ ਅਤੇ ਇਸ ਵਜ੍ਹਾ ਨਾਲ ਮੌਤਾਂ ਦੀ ਗਿਣਤੀ ਉਨਤ ਦੇਸ਼ਾਂ ਦੇ ਮੁਕਾਬਲੇ ਘੱਟ ਹੈ।


ਦੋਸਤੋ ਪਿਛਲੇ ਦਿਨੀਂ ਬਹੁਤ ਵਧੀਆ ਆਰਟੀਕਲ ਪੜ੍ਹਨ ਨੂੰ ਮਿਲੇ ਜਿਨ੍ਹਾਂ ਵਿਚ ਪੋਸਟ ਕਰੋਨਾ ਨਾਲ ਸਬੰਧਿਤ ਨਾਕਾਰਤਮਕ ਤੇ ਸਾਕਾਰਤਮਕ ਵਿਚਾਰ ਸਾਹਮਣੇ ਆਏ। ਹਰ ਬੰਦਾ ਇਸ ਹਾਲਾਤ ਨੂੰ ਆਪਣੇ ਤਰੀਕੇ ਨਾਲ ਸਮਝਣ ਵਿਚ ਯਤਨਸ਼ੀਲ ਹੈ। ਹਾਲੇ ਕੱਲ ਦੀ ਤਾਂ ਗੱਲ ਹੈ ਕਿ ਪੱਛਮੀ ਚਿੰਤਕਾਂ ਨੇ ਹਰੇਕ ਵਿਚਾਰਧਾਰਾ ਅਤੇ ਵਿਵਸਥਾ ਦੇ ਅੰਤ ਜਾਂ ਮੌਤ ਦਾ ਐਲਾਨ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਸਭ ਕੁਝ ਹੁਣ ਬੀਤ ਚੁੱਕਾ ਇਤਹਿਾਸ ਹੈ। ਰੱਬ, ਇਤਿਹਾਸ, ਧਰਮ, ਵਿਚਾਰਧਾਰਾ, ਆਧੁਨਿਕਤਾ, ਸਾਹਿਤ, ਕਲਾ ,ਦਰਸ਼ਨ ਅਤੇ ਇਨ੍ਹਾਂ ਦੇ ਸਿਰਜਕ ਤੱਕ ਸਾਰਿਆਂ ਦੀ ਮੌਤ ਦਾ ਐਲਾਨ ਹੋਣ ਨਾਲ ਮਾਰਕਸਵਾਦ ਅਤੇ ਆਧੁਨਿਕਤਾ ਵੀ ਆਪਣੀ ਵਿਸ਼ਵਾਸਨੀਅਤਾ ਗੁਆਉਣ ਦੇ ਰਾਹ ਪੈ ਗਏ ਹਾਲਾਂਕਿ ਇਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਜ਼ਰ ਅੰਦਾਜ਼ ਨਹੀਂ ਸੀ ਕੀਤਾ ਜਾ ਸਕਦਾ। ਇਨ੍ਹਾਂ ਵਿਚਾਰਧਾਰਾਵਾਂ ਦੇ ਅਵਸ਼ੇਸ਼ਾਂ ਉਤੇ ਨਿਰਮਤ ਰਵੱਈਏ ਨੂੰ ਉਤਰ-ਆਧੁਨਿਕਤਾ ਦੀ ਸੰਗਿਆ ਦਿੱਤੀ ਗਈ। ਇਸ ਨਾਲ ਕਲਾਸਕੀ ਚਿੰਤਨ ਵੀ ਹਾਸ਼ੀਏ ਉਤੇ ਚਲਾ ਗਿਆ ਅਤੇ ਨਵੇਂ ਗਿਆਨ ਸ਼ਾਸਤਰ ਬਾਰੇ ਸੰਵਾਦ ਪੈਦਾ ਹੋਇਆ ਜਿਸ ਦਾ ਕੇਂਦਰ ਬਿੰਦੂ ਨਵ-ਮਾਰਕਸਵਾਦ ਅਤੇ ਉਤਰ-ਆਧੁਨਿਕਤਾ ਬਣੇ। ਸਭਿਅਤਾ ਦਾ ਰੱਬੀ ਅਣਹੋਂਦ ਵਿਚ ਤਰਕ-ਕੇਂਦਰਿਤ ਇਕਵਾਦ ਇਸ ਨਾਲ ਸਬੰਧਿਤ ਪ੍ਰਬੰਧ ਉਸਾਰਨਾ ਸਮਕਾਲੀ ਚਿੰਤਨ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਜਿਸ ਵਿਚ ਆਤਮ ਲਗਭਗ ਅਲੋਪ ਹੋ ਗਿਆ ਜਾਂ ਇਕ ਉਪਯੋਗੀ ਅੰਗ ਬਣ ਕੇ ਰਹਿ ਗਿਆ ਸੀ। ਇਹੋ ਕਾਰਨ ਹੈ ਕਿ ਉਤਰ-ਆਧੁਨਿਕਤਾ ਦੇ ਪ੍ਰਭਾਵ ਅਧੀਨ ਹਾਈ ਆਰਟ, ਪਾਪੂਲਰ ਕਲਚਰ ਅਤੇ ਜੀਵਨ ਦੀਆਂ ਵਿਭੇਦੀ ਰੇਖਾਵਾਂ ਦਾ ਰੂਪ ਸੁੰਗੜਨਾ ਸ਼ੁਰੂ ਹੋ ਗਿਆ।

ਵਿਕੇਂਦਰੀਕਰਨ ਉਤਰ-ਆਧੁਨਿਕਤਾ ਦਾ ਮੁਖ ਜੁਜ਼ ਬਣ ਕੇ ਉਭਰਿਆ ਤਾਂ ਨਾਰੀ ਸਾਹਿਤ, ਦਲਿਤ ਸਾਹਿਤ ਅਤੇ ਬਲੈਕ ਲਿਟਰੇਚਰ ਨੂੂੰ ਮਹੱਤਤਾ ਮਿਲੀ ਜਿਸ ਦੇ ਫਲਸਰੂਪ ਸਬਾਲਟਰਨ ਅਧਿਅਨ ਦੇ ਨਵੇਂ ਆਯਾਮ ਪੈਦਾ ਹੋਏ। ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਗਲੋਬਲ ਪਿੰਡ ਦਾ ਜਿਹੜਾ ਸੰਕਲਪ ਪੇਸ਼ ਕੀਤਾ ਸੀ ਭਾਵੇਂ ਉਹ ਇਕ ਯਥਾਰਥਕ ਪਿੰਡ ਨਹੀਂ ਸਗੋਂ ਵਰਚੂਅਲ ਪਿੰਡ ਸੀ ਜਿਸ ਵਿਚ ਸੰਚਾਰ ਤਕਨਾਲੌਜੀ ਨੇ ਅਹਿਮ ਭੂਮਿਕਾ ਨਿਭਾਈ। ਵਿਸ਼ਵ ਵਪਾਰ ਸੰਗਠਨ ਦੁਆਰਾ ਹੋਏ ਸਮਝੌਤਿਆਂ ਨੇ ਇਸ ਗਲੋਬਲ ਪਿੰਡ ਨੂੰ ਸਾਕਾਰ ਕਰਨ ਵਿਚ ਆਪਣਾ ਰੋਲ ਅਦਾ ਕੀਤਾ ਜਿਸ ਨੂੰ ਵਪਾਰਕ ਉਦਾਰਵਾਦ ਦਾ ਨਾਮ ਦਿੱਤਾ ਗਿਆ। ਹਰ ਦੇਸ਼ ਨੂੰ ਗਲੋਬਲ ਪਿੰਡ ਵਿਚ ਵਿਚਰਨ ੳਤੇ ਵਾਪਾਰ ਕਰਨ ਦੀ ਖੁਲ੍ਹ ਦੇ ਨਤੀਜੇ ਭਾਵੇਂ ਕਿਆਸ ਦੇ ਵਿਪਰੀਤ ਹੀ ਰਹੇ ਹਨ ਪਰ ਗਲੋਬਲ ਮਿਲਵਰਤਣ ਦਾ ਇਕ ਭਰਮ ਜ਼ਰੂਰ ਸਿਰਜਿਆ ਗਿਆ ਸੀ।


ਕਰੋਨਾ ਨੇ ਵਿਸ਼ਵ ਨੂੰ ਨਵੇਂ ਸੰਕਟਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਮੌਤ ਦੀ ਦਹਿਸ਼ਤ ਨੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਵੀ ਢਾਹ ਲਾਈ ਹੈ। ਮੌਤ ਦਾ ਸਹਿਮ ਵੀ ਬੜੀ ਵਚਿਤਰ ਚੀਜ਼ ਹੈ ਕਿ ਘਰ ਵਿਚ ਕਿਸੇ ਨੂੰ ਮੌਸਮੀ ਤਬਦੀਲੀ ਨਾਲ ਜ਼ੁਕਾਮ ਖੰਘ ਵੀ ਹੋ ਜਾਵੇ ਤਾਂ ਧੀ, ਪੁੱਤਰ, ਮਾਂ, ਪਿਓ, ਪਤੀ ਅਤੇ ਪਤਨੀ ਸਭ ਉਸ ਦੇ ਨਜ਼ਦੀਕ ਜਾਣ ਤੋਂ ਵੀ ਤ੍ਰਹਿੰਦੇ ਹਨ। ਇਹੋ ਹਾਲ ਮੁਲਕਾਂ ਦਾ ਹੈ। ਇਕ ਦੂਜੇ ਦੇਸ਼ਾਂ ਵਿਚੋਂ ਦਾਖ਼ਲੇ ‘ਤੇ ਪਾਬੰਦੀਆਂ ਆਇਦ ਹੋ ਰਹੀਆਂ ਹਨ। ਇਥੋਂ ਤੱਕ ਕਿ ਇਕੋ ਦੇਸ਼ ਅੰਦਰ ਇਕ ਤੋਂ ਦੂਜੇ ਸੂਬੇ ਵਿਚ ਦਾਖ਼ਲ ਹੋਣ ਤੇ ਵੀ ਅੰਕੁਸ਼ ਲਗੇ ਹੋਏ ਹਨ। ਹਰ ਵਿਅਕਤੀ ਸਵੈ-ਕੇਂਦਰਿਤ ਹੋ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ ਤਾਂ ਐਲਾਨ ਹੀ ਕਰ ਦਿਤਾ ਹੈ ਕਿ ਕਰੋਨਾ ਸ਼ਾਇਦ ਕਦੇ ਵੀ ਖ਼ਤਮ ਨਾ ਹੋਵੇ ਇਸ ਲਈ ਲੋਕਾਂ ਨੂੰ ਇਸ ਨਾਲ ਰਹਿਣਾ ਸਿੱਖਣਾ ਹੋਵੇਗਾ ਜਿਸ ਲਈ ਸੋਸ਼ਲ ਆਈਸੋਲੇਸ਼ਨ ਬਣਾਈ ਰੱਖਣੀ ਹੋਵੇਗੀ। ਮਤਲਬ ਕਿ ਦੁਨੀਆਂ ਨੂੰ ਇਕ ਨਵੀਂ ਜੀਵਨ ਜਾਚ ਸਿੱਖਣੀ ਹੋਵੇਗੀ। ਅਜਿਹੀ ਹਾਲਤ ਵਿਚ ਸਾਹਿਤ ਅਤੇ ਬਾਕੀ ਕੋਮਲ ਕਲਾਵਾਂ ਦੀ ਭੂਮਿਕਾ ਵੀ ਮੁੜ ਨਿਸਚਿਤ ਹੋਵਗੀ। ਕੀ ਉਤਰ-ਆਧੁਨਿਕਤਾ ਦੇ ਸੰਕਲਪ ਇਸ ਦੌਰ ਵਿਚ ਨਵ-ਸਿਰਜਿਤ ਮਨੱੁਖ ਦੀ ਅਗ਼ਵਾਈ ਕਰਨਗੇ ਜਾਂ ਸਾਹਿਤ ਅਤੇ ਸੰਸਕ੍ਰਿਤੀ ਦੀ ਕੋਈ ਨਵੀਂ ਸੋਚ ਉਭਰੇਗੀ? ਜਾਂ ਫਿਰ ਪੂਰਬ ਆਪਣਾ ਕੋਈ ਨਵਾਂ ਮਾਡਲ ਈਜਾਦ ਕਰੇਗਾ? ਪਿਛਲੇ ਲਗਭਗ ਸਵਾ ਸੌ ਸਾਲ ਤੋਂ ਸਾਡੀ ਬਦਨਸੀਬੀ ਰਹੀ ਹੈ ਕਿ ਅਸੀਂ ਆਪਣੇ ਸਾਹਿਤ ਨੂੰ ਦੂਜੀ ਸੰਸਕ੍ਰਿਤੀ ਦੇ ਹਵਾਲੇ ਨਾਲ ਪੜ੍ਹਦੇ ਆ ਰਹੇ ਹਾਂ। ਨਤੀਜਾ ਇਹ ਨਿਕਲਿਆ ਕਿ ਸਾਡਾ ਕਾਵਿ ਸ਼ਾਸਤਰ ਹੀ ਨਕਾਰਾ ਘੋਸ਼ਿਤ ਕਰ ਦਿਤਾ ਗਿਆ ਜਿਸ ਦੇ ਹਵਾਲੇ ਨਾਲ ਸਾਡੇ ਯੁਗ ਪੁਰਸ਼ ਕਲਾ ਦੀ ਸਿਰਜਨਾ ਕਰਦੇ ਰਹੇ ਹਨ। ਇਸੇ ਕਰਕੇ ਹੀ ਕਲਾਸਕੀ ਰਚਨਾਵਾਂ ਦਾ ਵੱਡਾ ਹਿੱਸਾ ਸਾਡੇ ਲਈ ਬੇਅਰਥ ਹੋ ਗਿਆ ਹੈ। ਜਿਹੜਾ ਹਿੱਸਾ ਅਰਥਪੂਰਨ ਬਚਿਆ ਜਾਪਦਾ ਹੈ ਉਹ ਵੀ ਇਸ ਲਈ ਕਿ ਉਧਾਰ ਲਏ ਸਿਧਾਂਤਾਂ ਨੂੰ ਅਸੀਂ ਖਿੱਚ ਕੇ ਇਨ੍ਹਾਂ ਉਪਰ ਲਾਗੂ ਕੀਤਾ ਹੈ। ਪੋਸਟ-ਕਰੋਨਾ ਮਾਹੌਲ ਵਿਚ ਇਹ ਆਸ ਵੀ ਕੀਤੀ ਜਾ ਸਕਦੀ ਹੈ ਕਿ ਹਿੰਦੁਸਤਾਨ ਅਤੇ ਯੂਰਪ ਦੀਆਂ ਪਰੰਪਰਾਵਾਂ ਇਕ ਦੂਜੇ ਵਿਚੋਂ ਪੂਰਨਤਾ ਦੀ ਤਲਾਸ਼ ਕਰਨ। ਕਿਸੇ ਦਾਰਸ਼ਨਿਕ ਪ੍ਰਵਚਨ ਜਾਂ ਤਰਕ ਵਿਤਰਕ ਦੇ ਆਸਰੇ ਨਹੀਂ ਸਗੋੋਂ ਇਕ ਅਜਿਹੀ ਸਮਾਨ ਸਥਿਤੀ ਦੇ ਅੰਦਰ, ਜਿਥੇ ਇਕ ਦਾ ਸੁਰ ਦੂਜੇ ਵਿਚ ਹਮਦਰਦੀ ਦੀ ਗੂੰਜ ਪੈਦਾ ਕਰ ਸਕੇ। ਆਪਣੇ ਅੰਦਰ ਦੇ ਅਭਾਵਾਂ ਵਿਚ ਦੁਜੇ ਦੀਆਂ ਅਕਾਂਖਿਆਵਾਂ ਨੂੰ ਮਹਿਸੂਸ ਕਰਦੇ ਹੋਏ ਯੁਗਾਂ ਤੋਂ ਦੋਵਾਂ ਧਾਰਾਵਾਂ ਦੇ ਗਿਆਨ ਸ਼ਾਸਤਰੀ ਬਹੁਤ ਕੁਝ ਇਕ ਦੂਜੇ ਤੋਂ ਲੈਂਦੇ ਦਿੰਦੇ ਰਹੇ ਹਨ। ਸ਼ਾਇਦ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਦੋਵਾਂ ਧਿਰਾਂ ਨੂੰ ਥੋੜਾ ਜਿਹਾ ਮੌਨ ਰਹਿ ਕੇ ਖਾਮੋਸ਼ੀ ਦੇ ਮਾਹੌਲ ਵਿਚ ਇਕ ਦੂਜੇ ਨੂੰ ਸੁਣਨਾ ਚਾਹੀਦਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਯਤਨ ਕਿਸੇ ਪਰਮ ਪ੍ਰਵਚਨ ਤੋਂ ਵੀ ਵਧੇਰੇ ਪ੍ਰਭਾਵਸ਼ਾਲੀ ਸਾਬਿਤ ਹੋ ਜਾਣ।

ਪ੍ਰੋਫ਼ੈਸਰ ਰਵੇਲ ਸਿੰਘ