12
May

ਤੇ ਮੇਰੀ ਮੌਤ ਹੋ ਗਈ

                      

           (ਇਕ ਸੱਚੀ ਘਟਨਾ ਦੇ ਹਵਾਲੇ ਨਾਲ)

ਮੈਂ ਹਾਲੇ ਉਦੋਂ ਜ਼ਿੰਦਾ ਸਾਂ

ਮੇਰੇ ਬੇਟੇ ਨੇ ਮੇਰੇ ਨੱਕ ਤੋਂ ਆਕਸੀਜਨ ਦੀ ਨਾਲੀ ਉਤਾਰ

ਕਾਹਲੀ ਨਾਲ ਜਦੋਂ ਆਪਣੀ ਮਾਂ ਦੇ ਮੂੰਹ ਅਤੇ ਲਗਾਈ ਸੀ……

ਮੇਰੇ ਵਾਰਡ ਵਿਚ ਹਰ ਤਰਫ਼ ਹਫੜਾ ਦਫੜੀ ਸੀ

ਹੱਥ ਪੈਰ ਮਾਰ ਰਹੇ

ਵਾਰਡ ਬੁਆਏ, ਨਰਸਾਂ. ਮਰੀਜ਼ਾਂ ਦੇ ਘਰ ਦੇ ਜੀਅ………

ਲਗਾ ਰਹੇ ਸਨ ਸਾਹੋਂ ਸਹਿਕਦੇ ਮਰੀਜ਼ਾਂ ਨੂੰ

ਆਕਸੀਜਨ 

ਲਾਸ਼ਾਂ ਦੇ ਮੂੰਹਾਂ ਤੋਂ ਲਾਹ

 ਇਸ ਉਮੀਦ ਨਾਲ

ਕਿ ਸ਼ਾਇਦ ਕੋਈ ਬਚ ਹੀ ਜਾਏ ਮਾਂ ਦਾ ਜਾਇਆ।

ਮੌਤ ਤੇ ਜੀਵਨ ਦੀ ਇਸ ਜੰਗ ਵਿਚ

ਮੈਂ ਥੋੜਾ ਬਹੁਤ ਬਚਿਆ ਹੋਇਆ ਸਾਂ।

ਪਤਨੀ ਦੇ ਉਖੜੇ ਸਾਹ ਟਿਕ ਰਹੇ ਸਨ

ਪਰ ਨਾਲ ਦੇ ਬੈਡਾਂ ਤੇ ਪਏ ਹੋਰ ਸਾਥੀ

ਏਨੇ ਖੁਸ਼ਕਿਸਮਤ ਨਹੀਂ ਸਨ….

ਮੇਰੇ ਦੇਖਦਿਆਂ ਦੇਖਦਿਆ ਹੀ 

‘ਅੱਛਾ ਤੋ ਹਮ ਚਲਤੇ ਹੈਂ’ ਕਹਿੰਦੇ

ਆਪਣੀਆਂ ਦੇਹਾਂ ਤੋਂ ਉਪਰ ਉਠ ਰਹੇ ਸਨ।

ਮੈਂ ਹਾਲੇ ਮਰਿਆ ਨਹੀਂ ਸਾਂ

ਪਤਾ ਨਹੀਂ ਮੇਰੀ ਬੇਟੀ ਕਿਉਂ

ਮੇਰੇ ਨਾਲ ਲਿਪਟ ਕੇ ਰੋਣ ਲੱਗ ਪਈ ਸੀ। 

ਪੀ ਪੀ ਕਿੱਟ ਵਿਚ ਮੇਰੀ ਧੀ……..

 ਤੇ ਚਿੱਟੇ ਮਰੀਜ਼ੀ ਲਿਬਾਸ ਵਿਚ ਮੈਂ

ਦੋਵੇਂ ਕੱਫਣ ਦਾ ਸਮਾਨ ਲੱਗ ਰਹੇ ਸਾਂ….

ਉਹਦੇ ਗਲ ਦਾ ਹਾਰ 

ਆਕਸੀਜ਼ਨ ਸਿਲੰਡਰ ਦਾ ਇੰਤਜ਼ਾਮ ਕਰਦਿਆ ਚਲਾ ਗਿਆ ਸੀ।

ਉਹ ਮੇਰੇ ਨਾਲ ਲਿਪਟ ਕੇ ਹੋਰ ਰੋਣਾ ਚਾਹੁੰਦੀ ਸੀ

ਪਿਛੋਂ ਵਾਰਡ ਬੁਆਏ ਕੜਕ ਕੇ ਬੋਲਿਆ

“ਇਹਨੂੰ ਸ਼ਮਸ਼ਾਨ ਲੈ ਜਾਓ ਮੈਡਮ

ਪਿਛੇ ਹੋਰ ਵੀ ਕਤਾਰ ਵਿਚ ਨੇ”

ਉਹ ਸਟ੍ਰੈਚਰ ਧੱਕਦੀ ਬਾਹਰ ਆਈ

ਐਮਬੂਲੈਂਸ ਵਾਲੇ ਨੇ ਬਾਰਾਂ ਹਜ਼ਾਰ ਦੀ ਮੰਗ ਕੀਤੀ।

ਸਾਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ

ਭਲਾ ਆਹ ਚਾਰ ਕਿਲੋਮੀਟਰ ਤੱਕ ਜਾਣ ਦੇ ਐਨੇ ਪੈਸੇ।

“ਚਲਣਾ ਹੈ ਤਾਂ ਦੱਸ…. ਨਹੀਂ ਤਾਂ

ਆਪਣੇ ਕੰਧੇ ੳਤੇ ਟੰਗ ਕੇ ਲੈ ਜਾ ਪਿਓ ਨੂੰ”

ਜੀਅ ਤਾਂ ਕਰਦਾ ਸੀ

ਸਟਰੈਚਰ ਤੋਂ ਉਠ ਫੜ ਲਾਂ ਗਲ ਤੋਂ ਇਸ ਬਦਤਮੀਜ਼ ਨੂੰ। 

ਪਰ ਇਹ ਮੇਰੀ ਪਹੁੰਚ ਤੋਂ ਦੂਰ ਸੀ…

ਮੇਰੀ ਧੀ ਨੇ ਆਪਣੇ ਕੰਗਣ ਉਤਾਰ ਦਿੱਤੇ ਸਨ

ਮੈਨੂੰ ਆਖਰੀ ਝੂਟਾ ਜੋ ਦੇਣਾ ਸੀ।

ਸਮਸ਼ਾਨ ਦੀ ਚਿਮਨੀ ਦਾ ਧੂੰਆਂ ਬਹੁਤ ਗਾੜ੍ਹਾਂ ਸੀ।

ਬੇਟੀ ਨੂੰ ਇਕ ਟੋਕਨ ਫੜਾ

ਮੈਨੂੰ ਹੋਰ ਲਾਸ਼ਾ ਵਿਚ ਧੱਕ ਦਿੱਤਾ ਗਿਆ।

ਮੈਂ ਤਦ ਤੱਕ ਜ਼ਿੰਦਾ ਸੀ…..

ਸ਼ਮਸ਼ਾਨ ਵਾਲਿਆ ਨੇ ਲੱਕੜੀ ਦਾ ਸੱਤ ਹਜ਼ਾਰ ਮੰਗਿਆ

ਜਿਵੇਂ ਲਾਸ਼ ਉਤਸਵ  ਮਨਾ ਰਹੇ ਹੋਣ।

ਬੇਟੀ ਨੇ ਆਪਣਾ ਆਖਰੀ ਗਹਿਣਾ 

 ਮੁੰਦਰੀ ਵੀ ਉਤਾਰ ਦਿੱਤੀ।

ਜਦ ਮੇਰੇ ‘ਤੇ ਲੱਕੜਾਂ ਚਿਣੀਆਂ ਜਾ ਰਹੀਆਂ ਸਨ…

ਤੇ ਜਦੋਂ ਲਾਂਬੂ ਲਾਇਆ ਗਿਆ 

ਉਦੋਂ ਵੀ….ਮੈਂ ਜ਼ਿੰਦਾ ਹੀ ਸਾਂ।

ਲਪਟਾਂ ਚੋਂ ਝਾਕ ਦੇਖਦਾ ਹਾਂ

ਪੰਡਿਤ ਬੇਟੀ ਨੂੰ ਉਪਦੇਸ਼ ਰਿਹਾ ਸੀ।

‘ਇਹਦੀ ਮੁਕਤੀ ਲਈ ਪੂਜਾ ਜ਼ਰੂਰੀ ਹੈ…

ਦੋ ਹਜ਼ਾਰ ਦਕਸ਼ਣਾ ਤਾਂ ਦੇਣੀ ਪਏਗੀ।

ਮੈਂ ਬੇਟੀ ਵੱਲ ਤੱਕਿਆ…

ਉਸ ਕੋਲ ਉਤਾਰਨ ਲਈ

ਤਨ ਦੇ ਕੱਪੜੇ ਹੀ ਬਚੇ ਸਨ….

         ……..ਤੇ ਹੁਣ ਮੇਰੀ ਮੌਤ ਹੋ ਗਈ ਸੀ।